ਕੇਂਦਰੀ ਟੀਮ ਨੇ ਸਿੱਖਿਆ ਵਿਭਾਗ ਵਿੱਚ ਬੇਨੇਮੀਆਂ ਖ਼ਿਲਾਫ਼ ਜਾਂਚ ਵਿੱਢੀ

Post Visitors : 1108

June 13, 2013 | NEWS | Post by: admin

ਚੰਡੀਗੜ੍ਹ, 12 ਜੂਨ

ਕੇਂਦਰੀ ਮਨੁੱਖੀ ਸਰੋਤ ਵਿਕਾਸ ਵਿਭਾਗ (ਸਕੂਲ ਸਿੱਖਿਆ) ਦੇ ਮੰਤਰੀ ਪਲਮ ਰਾਜੂ ਵੱਲੋਂ ਪੰਜਾਬ ਦੇ ਸਕੂਲਾਂ ਵਿੱਚ ਗੈਰ ਮਿਆਰੀ ਪੁਸਤਕਾਂ ਸਪਲਾਈ ਕਰਨ ਤੇ ਸਾਇੰਸ ਕਿੱਟਾਂ ਖਰੀਦਣ ਦੇ ਮਾਮਲੇ ਦੀ ਪੜਤਾਲ ਕਰਨ ਲਈ ਦਿੱਲੀ ਤੋਂ ਭੇਜੀ ਚਾਰ ਅਧਿਕਾਰੀਆਂ ਦੇ ਅਧਾਰਤ ਟੀਮ ਨੇ ਅੱਜ ਸਿੱਖਿਆ ਵਿਭਾਗ ਤੋਂ ਸਬੰਧਤ ਰਿਕਾਰਡ ਤਲਬ ਕਰਕੇ ਪੜਾਅਵਾਰ ਪੜਤਾਲ ਸ਼ੁਰੂ ਕਰ ਦਿੱਤੀ ਹੈ। ਟੀਮ ਨੇ ਸੰਕੇਤ ਦਿੱਤਾ ਹੈ ਕਿ ਅਗਲੇ ਤਿੰਨ ਦਿਨਾਂ ਵਿੱਚ ਰਿਪੋਰਟ ਤਿਆਰ ਕਰਕੇ ਮੰਤਰੀ ਦੇ ਹਵਾਲੇ ਕਰ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਵਿਧਾਇਕ ਦਲ ਦੇ ਆਗੂ ਚੌਧਰੀ ਸੁਨੀਲ ਜਾਖੜ ਨੇ ਛੇ ਜੂਨ ਨੂੰ ਵਫ਼ਦ ਸਮੇਤ ਦਿੱਲੀ ਵਿੱਚ ਕੇਂਦਰੀ ਮੰਤਰੀ ਸ੍ਰੀ ਰਾਜੂ ਨੂੰ ਮਿਲ ਕੇ ਇਸ ਮਾਮਲੇ ਦੀ ਪੜਤਾਲ ਕਰਨ ਦੀ ਮੰਗ ਕੀਤੀ ਸੀ ਤੇ ਮੰਤਰੀ ਨੇ ਤੱਥ ਖੋਜ ਟੀਮ ਪੰਜਾਬ ਭੇਜਣ ਦਾ ਭਰੋਸਾ ਦਿੱਤਾ ਸੀ। ਅੱਜ ਸ੍ਰੀ ਜਾਖੜ ਨੇ ਇਸ ਚਾਰ ਮੈਂਬਰੀ ਕਮੇਟੀ ਤੋਂ ਮੰਗ ਕੀਤੀ ਹੈ ਕਿ ਭਾਰਤ ਸਰਕਾਰ ਵੱਲੋਂ ਇਨ੍ਹਾਂ ਸਕੀਮਾਂ ਤਹਿਤ ਪੰਜਾਬ ਨੂੰ ਪਿਛਲੇ ਛੇ ਸਾਲਾਂ ਦੌਰਾਨ ਰਿਲੀਜ਼ ਕੀਤੀ ਗਈ ਕੁੱਲ 1800 ਕਰੋੜ ਰੁਪਏ ਦੀ ਗ੍ਰਾਂਟ ਦੀ ਜਾਂਚ ਕੀਤੀ ਜਾਵੇ। ਮਨੁੱਖੀ ਸਰੋਤ ਵਿਕਾਸ ਵਿਭਾਗ ਦੇ ਅਧੀਨ ਸਕੱਤਰ (ਵਿੱਤ ਤੇ ਐਫਆਈਡੀ ਵਿੰਗ) ਅਰੁਣ ਕੁਮਾਰ, ਚੀਫ ਕੰਸਲਟੈਂਟ (ਪ੍ਰਕਿਓਰਮੈਂਟ ਟੀਐਸਜੀ-ਐਸਐਸਏ) ਸ੍ਰੀ ਗੋਪਾਲਨ, ਸੈਕੰਡਰੀ ਸਕੂਲ ਵਿਭਾਗ ਐਨਸੀਈਆਰਟੀ ਦੀ ਐਸੋਸੀਏਟ ਪ੍ਰੋਫੈਸਰ ਰੰਜਨਾ ਅਰੋੜਾ ਤੇ ਬਾਲ ਸਾਹਿਤ ਦੇ ਮਾਹਿਰ ਸੁਬੀਰ ਸ਼ੁਕਲਾ ਦੇ ਅਧਾਰਤ ਕੇਂਦਰੀ ਟੀਮ ਨੇ ਅੱਜ ਸਵੇਰੇ ਇੱਥੇ ਪੰਜਾਬ ਭਵਨ ਦੇ ਕਮਰੇ ਵਿੱਚ ਹੀ ਦਫ਼ਤਰ ਲਾ ਕੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਤਲਬ ਕਰਕੇ ਲੋੜੀਂਦੇ ਰਿਕਾਰਡ ਦੀ ਛਾਣਬੀਣ ਸ਼ੁਰੂ ਕਰ ਦਿੱਤੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਵ ਸਿੱਖਿਆ ਅਭਿਆਨ (ਐਸਐਸਏ) ਤੇ ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ (ਰਮਸਾ) ਦੇ ਪ੍ਰੋਗਰਾਮ ਅਧੀਨ ਸਕੂਲਾਂ ਦੀਆਂ ਲਾਇਬ੍ਰੇਰੀਆਂ ਤੇ ਲੈਬਾਰਟਰੀਆਂ ਲਈ ਖਰੀਦੀਆਂ ´ਮਵਾਰ ਪੁਸਤਕਾਂ ਤੇ ਸਾਇੰਸ ਕਿੱਟਾਂ ਦੇ ਹਰੇਕ ਪਹਿਲੂ ਦੀ ਘੋਖ ਕਰ ਰਹੇ ਹਨ ਜੋ 14 ਜੂਨ ਤੱਕ ਜਾਰੀ ਰਹੇਗੀ। ਉਹ ਇਸ ਸਮੇਂ ਦੌਰਾਨ ਆਪਣੀ ਰਿਪੋਰਟ ਮੁਕੰਮਲ ਕਰਨ ਦਾ ਯਤਨ ਕਰਨਗੇ ਤੇ ਉਸ ਤੋਂ ਬਾਅਦ ਇਹ ਰਿਪੋਰਟ ਮਨੁੱਖੀ ਸਰੋਤ ਵਿਕਾਸ ਵਿਭਾਗ ਦੇ ਮੰਤਰੀ ਨੂੰ ਸੌਂਪੀ ਜਾਵੇਗੀ। ਇਸ ਮੌਕੇ ਕਮਰੇ ਵਿੱਚ ਪ੍ਰਮੁੱਖ ਸਕੱਤਰ (ਸਿੱਖਿਆ) ਅੰਜਲੀ ਭਾਵਰਾ ਨੇ ਕਮੇਟੀ ਮੈਂਬਰਾਂ ਨੂੰ ਰਿਕਾਰਡ ਦੀ ਜਾਣਕਾਰੀ ਦਿੱਤੀ। ਭਰੋਸੇਯੋਗ ਸੂਤਰਾਂ ਅਨੁਸਾਰ ਕਮੇਟੀ ਨੂੰ ਪੜਤਾਲ ਦੇ ਪਹਿਲੇ ਪੜਾਅ ਵਿੱਚ ਹੀ ਕਈ ਬੇਨੇਮੀਆਂ ਹੋਣ ਦੇ ਸੰਕੇਤ ਮਿਲੇ ਹਨ।  ਇਸੇ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਤੇ ਆਰਆਰ ਭਾਰਦਵਾਜ ਵੀ ਪੰਜਾਬ ਭਵਨ ਪੁੱਜੇ ਤੇ ਉਨ੍ਹਾਂ ਨੇ ਤੱਥ ਖੋਜ ਕਮੇਟੀ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਸ੍ਰੀ ਖਹਿਰਾ ਨੇ ਦੱਸਿਆ ਕਿ ਉਨ੍ਹਾਂ ਨੇ ਕਮੇਟੀ ਕੋਲ ਆਪਣਾ ਪੱਖ ਵੀ ਰੱਖਿਆ ਹੈ ਤੇ 13 ਜੂਨ ਨੂੰ ਪੰਜਾਬ ਕਾਂਗਰਸ ਦਾ ਵਫ਼ਦ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਘਪਲੇ ਨਾਲ ਸਬੰਧਤ ਦਸਤਾਵੇਜ਼ ਲੈ ਕੇ ਕਮੇਟੀ ਨੂੰ ਮਿਲੇਗਾ। ਉਧਰ, ਪੰਜਾਬ ਭਵਨ ਵਿੱਚ ਅੱਜ ਦਹਿਸ਼ਤ ਭਰਿਆ ਮਾਹੌਲ ਸੀ। ਇਥੇ ਤਾਇਨਾਤ ਰਿਸੈਪਸ਼ਨਿਸਟ ਕੇਂਦਰੀ ਕਮੇਟੀ ਦੇ ਠਹਿਰਨ ਬਾਰੇ ਕੋਈ ਵੀ ਜਾਣਕਾਰੀ ਦੇਣ ਲਈ ਤਿਆਰ ਨਹੀਂ ਸੀ। ਸਿੱਖਿਆ ਵਿਭਾਗ ਦੀ ਪ੍ਰਮੁੱਖ ਸਕੱਤਰ ਅੰਜਲੀ ਭਾਵਰਾ ਨੇ ਸੰਪਰਕ ਕਰਨ ’ਤੇ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਕਰਨ ਲਈ ਕੇਂਦਰੀ ਕਮੇਟੀ ਚੰਡੀਗੜ੍ਹ ਪੁੱਜ ਗਈ ਹੈ ਪਰ ਉਹ ਇਸ ਬਾਰੇ ਕੁਝ ਵੀ ਕਹਿਣ ਦੇ ਸਮਰੱਥ ਨਹੀਂ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਖਰੀਦ ਕਮੇਟੀ ਦੇ ਅਧਿਕਾਰੀਆਂ ਨੂੰ ਮੁਅੱਤਲ ਕਰਕੇ ਸੇਵਾਮੁਕਤ ਜੱਜ ਏਐਨ ਜਿੰਦਲ ਦੀ ਅਗਵਾਈ ਹੇਠ ਨਿਆਇਕ ਪੜਤਾਲ ਕਰਨ ਦਾ ਫੈਸਲਾ ਲਿਆ ਹੈ। ਬਾਅਦ ਦੁਪਹਿਰ ਕਮੇਟੀ ਨੇ ਮੁਹਾਲੀ ਸਥਿਤ ਡੀਪੀਆਈ (ਸੈਕੰਡਰੀ) ਦੇ ਦਫ਼ਤਰ ਦਾ ਦੌਰਾ ਕੀਤਾ। ਕਮੇਟੀ 13 ਜੂਨ ਨੂੰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਦੇ ਦਫ਼ਤਰ ਜਾਵੇਗੀ।
ਇਸੇ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਤਾਬ ਘੁਟਾਲੇ ਦੇ ਮਾਮਲੇ ਦੀ ਜਾਂਚ ਲਈ ਕੇਂਦਰ ਸਰਕਾਰ ਵੱਲੋਂ ਟੀਮ ਭੇਜਣ ਦਾ ਸਵਾਗਤ ਕਰਦਿਆਂ ਕਿਹਾ ਕਿ ਕਿਤਾਬਾਂ ਦੀ ਸਪਲਾਈ ਦਾ 42 ਕਰੋੜ ਰੁਪਏ ਦਾ ਆਰਡਰ ਵੱਧ ਕੀਮਤਾਂ ’ਤੇ ਉਸ ਕੰਪਨੀ ਨੂੰ ਦਿੱਤਾ ਜਿਹੜੀ ਪਾਈਪਾਂ ਬਣਾਉਂਦੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਸ੍ਰੀ ਮਲੂਕਾ ਇਸ ਘੁਟਾਲੇ ਲਈ ਜ਼ਿੰਮੇਵਾਰ ਹਨ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਦਾਗੀ ਮੰਤਰੀ ਦਾ ਬਚਾਅ ਕਰ ਰਹੇ ਹਨ।

facebooktwittergoogle_plusredditlinkedinmailby featherLeave a Reply