ਪੰਜਾਬ ਦੇ ਵੈਟਰਨਰੀ ਡਾਕਟਰਾਂ ਵੱਲੋਂ ਵਿਭਾਗ ਦੇ ਮੁੱਖ ਦਫ਼ਤਰ ਅੱਗੇ ਧਰਨਾ

Post Visitors : 1789

November 6, 2013 | NEWS | Post by: admin

ਤਰਲੋਚਨ ਸਿੰਘ/ਟ.ਨ.ਸ.
ਚੰਡੀਗੜ੍ਹ, 5 ਨਵੰਬਰ
ਪੰਜਾਬ ਦੇ ਵੈਟਰਨਰੀ ਡਾਕਟਰਾਂ ਨੇ ਅੱਜ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿਚ ਪਸ਼ੂਆਂ ਨੂੰ ਟੀਕੇ ਲਾਉਣ ਦੀ ਥਾਂ ਚੰਡੀਗੜ੍ਹ ਪੁੱਜ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇ ਲਾਏ। ਇਹ ਵੈਟਰਨਰੀ ਅਫਸਰ ਅੱਜ ਚੰਡੀਗੜ੍ਹ ਪੁੱਜੇ ਅਤੇ ਸੈਕਟਰ-17 ਸਥਿਤ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਦੇ ਦਫਤਰ ਮੂਹਰੇ ਧਰਨਾ ਮਾਰ ਕੇ ਬੈਠ ਗਏ।
ਇਸ ਮੌਕੇ ਵੈਟਰਨਰੀ ਡਾਕਟਰਾਂ ਨੇ ਅਫਸਰਸ਼ਾਹੀ ਉਪਰ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਵਿਚ 24 ਸਾਲਾਂ ਤੋਂ ਚੱਲਦੇ ਆ ਰਹੇ ਪਲੇਸਮੈੈਂਟ ਰੂਲਾਂ ਨੂੰ ਤੋੜਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਕਾਰਨ ਵਿਭਾਗ ਵਿਚ ਉਚ ਅਹੁਦੇ ਡੰਗ ਟਪਾਊ ਢੰਗ ਨਾਲ ਚਲਾਏ ਜਾ ਰਹੇ ਹਨ ਅਤੇ ਡਾਕਟਰਾਂ ਦੀਆਂ ਪ੍ਰਮੋਸ਼ਨਾਂ (ਪਲੇਸਮੈਂਟਾਂ) ਵਿਚ ਭਾਰੀ ਖੜੋਤ ਪੈਦਾ ਹੋ ਗਈ ਹੈ। ਇਸ ਮੌਕੇ ਪੰਜਾਬ ਸਟੇਟ ਵੈਟਰਨਰੀ ਆਫੀਸਰਜ਼ ਐਸੋਸੀਏਸ਼ਨ ਨੇ ਐਲਾਨ ਕੀਤਾ ਕਿ 7 ਨਵੰਬਰ ਤੋਂ ਪੰਜਾਬ ਭਰ ਵਿਚ ਹੋ ਰਹੇ ਜ਼ਿਲ੍ਹਾ ਪੱਧਰੀ ਪਸ਼ੂ ਧਨ ਮੁਕਾਬਲਿਆਂ ਵਿਚ ਵੈਟਰਨਰੀ ਅਫਸਰ ਕਾਲੇ ਚੋਲੇ ਪਾ ਕੇ ਰੋਸ ਜ਼ਾਹਰ ਕਰਦੇ ਹੋਏ ਡਿਊਟੀਆਂ ਨਿਭਾਉਣਗੇ। ਇਸ ਤੋਂ ਬਾਅਦ ਮੁਕਤਸਰ ਵਿਖੇ ਹੋਣ ਵਾਲੀ ਸੂਬਾਈ ਪਸ਼ੂ ਧਨ ਚੈਂਪੀਅਨਸ਼ਿਪ ਦਾ ਵੈਟਰਨਰੀ ਅਫਸਰਾਂ ਵੱਲੋਂ ਮੁਕੰਮਲ ਬਾਈਕਾਟ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਦੇ ਪਸ਼ੂ ਧਨ ਮੁਕਾਬਲਿਆਂ ਦੇ ਪ੍ਰੋਗਰਾਮ ਬੜੇ ਅਹਿਮ ਮੰਨੇ ਜਾਂਦੇ ਹਨ ਪਰ ਇਨ੍ਹਾਂ ਦਾ ਸੰਚਾਲਨ ਕਰਨ ਵਾਲੇ ਡਾਕਟਰਾਂ ਵਲੋਂ ਹੀ ਪਸ਼ੂ ਮੇਲਿਆਂ ਦੌਰਾਨ ਰੋਸ ਪ੍ਰਗਟ ਕਰਨ ਦਾ ਐਲਾਨ ਕਾਰਨ ਦੋਵਾਂ ਧਿਰਾਂ ਵਿਚਕਾਰ ਟਕਰਾਅ ਪੈਦਾ ਹੋਣ ਦੇ ਅਸਾਰ ਬਣ ਗਏ ਹਨ। ਦੱਸਣਯੋਗ ਹੈ ਕਿ ਪਸ਼ੂ ਪਾਲਣ ਵਿਭਾਗ ਵਿਚ ਜੁਆਇੰਟ ਡਾਇਰੈਕਟਰਾਂ ਦੀਆਂ ਕੁੱਲ ਪੰਜ ਅਸਾਮੀਆਂ ਵਿਚੋਂ ਚਾਰ ਖਾਲੀ ਹਨ। ਇਸੇ ਤਰ੍ਹਾਂ ਡਿਪਟੀ ਡਾਇਰੈਕਟਰਾਂ ਦੀਆਂ ਕੁੱਲ 25 ਅਸਾਮੀਆਂ ਵਿਚੋਂ 24 ਸੀਨੀਅਰ ਵੈਟਰਨਰੀ ਅਫਸਰਾਂ/ ਅਸਿਸਟੈਂਟ ਡਾਇਰੈਕਟਰਾਂ ਦੀਆਂ 93 ਵਿਚੋਂ 50 ਤੋਂ ਵੱਧ ਅਸਾਮੀਆਂ ਖਾਲੀ ਹਨ। ਇਨ੍ਹਾਂ ਖਾਲੀ ਅਸਾਮੀਆਂ ਨੂੰ ਡੰਗ ਟਪਾਊ ਢੰਗ ਨਾਲ ਆਰਜ਼ੀ ਤੌਰ ’ਤੇ ਭਰ ਕੇ ਚਲਾਇਆ ਜਾ ਰਿਹਾ ਹੈ। ਐਸੋਸੀਏਸ਼ਨ ਨੇ ਦੋਸ਼ ਲਾਇਆ ਕਿ ਇਕਪਾਸੜ ਢੰਗ ਨਾਲ ਰੂਲਾਂ ਵਿਚ ਸੋਧ ਦੇ ਕੀਤੇ ਜਾ ਰਹੇ ਯਤਨਾਂ ਕਾਰਨ ਇਹ ਸਥਿਤੀ ਪੈਦਾ ਹੋਈ ਹੈ ਅਤੇ ਵੈਟਰਨਰੀ ਅਫਸਰਾਂ ਦੀਆਂ 24 ਸਾਲਾਂ ਤੋਂ ਚੱਲਦੀਆਂ ਆ ਰਹੀਆਂ ਪਲੇਸਮੈਂਟਾਂ ਨਾ ਕਰਨ ਕਾਰਨ ਉਨ੍ਹਾਂ ਦਾ ਡਿਪਟੀ ਡਾਇਰੈਕਟਰ, ਜੁਆਇੰਟ ਡਾਇਰੈਕਟਰ ਅਤੇ ਡਾਇਰੈਕਟਰ ਬਣਨ ਦਾ ਸੁਪਨਾ ਵੀ ਪੂਰਾ ਹੁੰਦਾ ਨਹੀਂ ਜਾਪਦਾ। ਐਸੋਸੀਏਸ਼ਨ ਵਲੋਂ ਪਹਿਲਾਂ ਹੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮੈਮੋਰੰਡਮ ਦੇ ਕੇ ਦੋਸ਼ ਲਾਇਆ ਗਿਆ ਹੈ ਕਿ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਅਤੇ ਉਚ ਅਧਿਕਾਰੀਆਂ ਵਲੋਂ ਜਾਤੀ ਅਧਾਰ ’ਤੇ ਜਨਰਲ ਵਰਗ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਆਨੇ-ਬਹਾਨੇ ਜਨਰਲ ਵਰਗ ਦੇ ਅਫਸਰਾਂ ਨੂੰ ਜ਼ਲੀਲ ਅਤੇ ਚਾਰਜਸ਼ੀਟ ਕੀਤਾ ਜਾ ਰਿਹਾ ਹੈ।  ਐਸੋਸੀਏਸ਼ਨ ਦੇ ਪ੍ਰਧਾਨ ਡਾ. ਅਸ਼ੋਕ ਸ਼ਰਮਾ ਨੇ ਦੋਸ਼ ਲਾਇਆ ਕਿ ਇਕ ਪਾਸੇ ਉਨ੍ਹਾਂ ਦੇ ਦਹਾਕਿਆਂ ਪੁਰਾਣੇ ਪਲੇਸਮੈਂਟ ਰੂਲਾਂ ਨੂੰ ਅਫਸਰਸਾਹੀ ਵੱਲੋਂ ਤੋੜਨ ਦਾ ਯਤਨ ਕੀਤਾ ਜਾ ਰਿਹਾ ਹੈ ਅਤੇ ਉਪਰੋਂ ਡਾਕਟਰਾਂ ਵਿਰੁੱਧ ਬਦਲਾਲਊ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੀਮਨ ਬੈਂਕ ਪਟਿਆਲਾ ਵਿਖੇ ਅਸਲ ਦੋਸ਼ੀਆਂ ਨੂੰ ਛੱਡ ਕੇ ਉਥੇ ਤਾਇਨਾਤ ਵੈਟਰਨਰੀ ਅਫਸਰ ਡਾਕਟਰ ਜਗਦੇਵ ਸਿੰਘ ਅਤੇ ਡਿਪਟੀ ਡਾਇਰੈਕਟਰ ਡਾ. ਜੈ ਦੇਵ ਨੂੰ ਬਿਨਾਂ ਕਾਰਨ ਮੁਅੱਤਲ ਕਰ ਦਿੱਤਾ ਹੈ। ਕਈ ਡਾਕਟਰਾਂ ਨੂੰ ਸੈਂਕੜੇ ਕਿਲੋਮੀਟਰ ਦੂਰ ਹੋਰ ਚਾਰਜ ਦੇ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।  ਇਸੇ ਦੌਰਾਨ ਮੁੱਖ ਮੰਤਰੀ ਦੇ ਓਐਸਡੀ ਨੇ ਐਸੋਸੀਏਸ਼ਨ ਕੋਲੋਂ ਮੈਮੋਰੰਡਮ ਹਾਸਲ ਕਰਕੇ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਡਾਕਟਰ ਗੁਰਿੰਦਰ ਵਾਲੀਆ, ਡਾ. ਸੰਤੋਖ ਸਿੰਘ, ਡਾ. ਨਿਤੀਨ, ਡਾ. ਦਰਸ਼ਨ ਦਾਸ ਨੇ ਵੀ ਸੰਬੋਧਨ ਕੀਤਾ।

facebooktwittergoogle_plusredditlinkedinmailby featherLeave a Reply