ਰਾਜ ਸਰਕਾਰ ਮੁਲਾਜ਼ਮਾਂ ਦੇ ਨਵੇਂ ਸਕੇਲਾਂ ਦੇ ਬਕਾਏ ਦੀ ਅਦਾਇਗੀ ਟਾਲਣ ਦੇ ਰੌਂਅ ’ਚ

Post Visitors : 1985

November 6, 2013 | NEWS | Post by: admin

ਰੁਚਿਕਾ ਐਮ. ਖੰਨਾ/ਟ.ਨ.ਸ.
ਚੰਡੀਗੜ੍ਹ, 5 ਨਵੰਬਰ
ਪੰਜਾਬ ਸਰਕਾਰ ਆਪਣੀ ਮਾਲੀ ਤੰਗੀ ਦਾ ਆਧਾਰ ਬਣਾ ਕੇ ਮੁਲਾਜ਼ਮਾਂ ਦੇ ਨਵੇਂ ਤਨਖਾਹ ਸਕੇਲਾਂ ਦਾ 30 ਫੀਸਦ ਬਕਾਏ ਦੀ ਅਦਾਇਗੀ ਟਾਲਣ ਦੇ ਰੌਂਅ ਵਿਚ ਹੈ ਪਰ ਹਾਕਮਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ। ਇਸ ਦੀ ਇਕ ਮਿਸਾਲ ਇਹ ਹੈ ਕਿ ਮੁੱਖ ਮੰਤਰੀ ਦੀ ਤਨਖਾਹ ਵਿਚ 100 ਫੀਸਦੀ ਵਾਧਾ ਕੀਤਾ ਗਿਆ ਹੈ ਜਦਕਿ ਕੈਬਨਿਟ ਮੰਤਰੀਆਂ, ਵਿਧਾਨ ਸਭਾ ਦੇ ਸਪੀਕਰ ਅਤੇ ਵਿਰੋਧੀ ਧਿਰ ਦੇ ਨੇਤਾ ਦੀਆਂ ਤਨਖਾਹਾਂ ਵਿਚ 66 ਫੀਸਦ ਤੋਂ ਜ਼ਿਆਦਾ ਵਾਧਾ ਕੀਤਾ ਗਿਆ ਹੈ। ਮੰਤਰੀਆਂ ਸਣੇ 117 ਵਿਧਾਇਕਾਂ ਦੀਆਂ ਤਨਖਾਹਾਂ ’ਚ ਕੀਤੇ ਵਾਧੇ ਦਾ ਰਾਜ ਦੇ ਖਜ਼ਾਨੇ ’ਤੇ ਸਾਲਾਨਾ 6.96 ਕਰੋੜ ਰੁਪਏ ਦਾ ਬੋਝ ਪਵੇਗਾ।  ਤਨਖਾਹਾਂ ’ਚ ਵਾਧੇ ਨੂੰ ਵਿਧਾਨ ਸਭਾ ਦੀ ਆਮ ਮੰਤਵਾਂ ਬਾਰੇ ਕਮੇਟੀ ਨੇ ਪ੍ਰਵਾਨਗੀ ਦਿੱਤੀ ਸੀ ਅਤੇ ਵਿਧਾਨ ਸਭਾ ਵੱਲੋਂ ਪਾਸ ਕੀਤਾ ਗਿਆ ਸੀ। ਦਿਲਚਸਪ ਗੱਲ ਇਹ ਹੈ ਕਿ ਵਿਧਾਨ ਸਭਾ ’ਚ ਵੰਡੀ ਗਈ ਕਮੇਟੀ ਦੀ ਰਿਪੋਰਟ ਵਿਚ 117 ਵਿਧਾਇਕਾਂ ਦੀਆਂ ਤਨਖਾਹਾਂ ਵਿਚ ਵਾਧੇ ਦਾ ਜ਼ਿਕਰ ਕੀਤਾ ਗਿਆ ਸੀ ਪਰ ਰਾਜ ਦੇ ਅਮਲਾ ਅਤੇ ਵਿੱਤ ਵਿਭਾਗ ਨੂੰ ਲਾਗੂ ਕਰਨ ਲਈ ਭੇਜੀਆਂ ਗਈਆਂ ਸਿਫਾਰਸ਼ਾਂ ਤੋਂ ਪਤਾ ਚੱਲਿਆ ਹੈ ਕਿ ਮੰਤਰੀਆਂ, ਮੁੱਖ ਮੰਤਰੀ ਅਤੇ ਮੁੱਖ ਸੰਸਦੀ ਸਕੱਤਰਾਂ ਦੀਆਂ ਤਨਖਾਹਾਂ ਵਿਚ ਭਾਰੀ ਵਾਧਾ ਕੀਤਾ ਗਿਆ ਹੈ।
ਮੁੱਖ ਮੰਤਰੀ ਦੀ ਤਨਖਾਹ 50000 ਰੁਪਏ ਮਾਹਵਾਰ ਤੋਂ ਵਧਾ ਕੇ 1 ਲੱਖ ਰੁਪਏ ਕਰ ਦਿੱਤੀ ਗਈ ਹੈ ਜਦਕਿ ਸਪੀਕਰ ਅਤੇ ਡਿਪਟੀ ਸਪੀਕਰ ਦੀ ਤਨਖਾਹ 30000 ਰੁਪਏ ਤੋਂ ਵਧਾ ਕੇ 50000 ਰੁਪਏ ਕਰ ਦਿੱਤੀ ਗਈ ਹੈ। ਕੈਬਨਿਟ ਮੰਤਰੀਆਂ (ਸਣੇ ਉਪ ਮੁੱਖ ਮੰਤਰੀ) ਅਤੇ ਵਿਰੋਧੀ ਧਿਰ ਦੇ ਆਗੂ ਦੀਆਂ ਤਨਖਾਹਾਂ 30000 ਰੁਪਏ ਤੋਂ ਵਧਾ ਕੇ 50000 ਰੁਪਏ ਕਰ ਦਿੱਤੀਆਂ ਗਈਆਂ ਹਨ। ਮੁੱਖ ਸੰਸਦੀ ਸਕੱਤਰਾਂ ਦੀ ਤਨਖਾਹ 20000 ਰੁਪਏ ਤੋਂ ਵਧਾ ਕੇ 40000 ਰੁਪਏ ਕਰ ਦਿੱਤੀ ਗਈ ਹੈ। ਦੂਜੇ ਬੰਨ੍ਹੇ ਗੁਆਂਢੀ ਸੂਬੇ ਹਰਿਆਣੇ ’ਚ  ਮੁੱਖ ਮੰਤਰੀ ਦੀ ਤਨਖਾਹ 50000 ਰੁਪਏ ਹੈ ਅਤੇ ਕੈਬਨਿਟ ਮੰਤਰੀਆਂ, ਰਾਜ ਮੰਤਰੀਆਂ, ਸਪੀਕਰ, ਡਿਪਟੀ ਸਪੀਕਰ ਅਤੇ ਵਿਰੋਧੀ ਧਿਰ ਦੇ ਆਗੂ ਨੂੰ ਵੀ 50000 ਰੁਪਏ ਤਨਖਾਹ ਮਿਲਦੀ ਹੈ।
ਪੰਜਾਬ ਵਿਚ ਮੁੱਖ ਮੰਤਰੀ, ਸਪੀਕਰ ਤੇ ਡਿਪਟੀ ਸਪੀਕਰ, 15 ਕੈਬਨਿਟ ਮੰਤਰੀਆਂ ਅਤੇ 20 ਸੰਸਦੀ ਸਕੱਤਰਾਂ ਦੀਆਂ ਤਨਖਾਹਾਂ ਵਧਾਉਣ ਨਾਲ ਹੀ ਰਾਜ ਦੇ ਖਜ਼ਾਨੇ ’ਤੇ ਸਾਲਾਨਾ 97 ਲੱਖ ਰੁਪਏ ਦਾ ਭਾਰ ਪਵੇਗਾ ਜਦਕਿ ਵਿਧਾਇਕਾਂ ਦੀਆਂ ਤਨਖਾਹਾਂ ਵਿਚ 57 ਫੀਸਦ ਵਾਧਾ ਕਰਨ ਤੋਂ ਖਜ਼ਾਨੇ ’ਤੇ ਸਾਲਾਨਾ 5.99 ਕਰੋੜ ਰੁਪਏ ਦਾ ਬੋਝ ਪਵੇਗਾ।

facebooktwittergoogle_plusredditlinkedinmailby featherLeave a Reply